14
ਪੌਲੁਸ ਅਤੇ ਬਰਨਾਬਾਸ ਇਕੋਨਿਯਮ ਵਿੱਚ
1 ਇਕੋਨਿਯੁਮ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ਅਤੇ ਅਜਿਹਾ ਬਚਨ ਸੁਣਾਇਆ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ। 2 ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ, ਪਰਾਈਆਂ ਕੌਮਾਂ ਦੇ ਲੋਕਾਂ ਦੇ ਮਨਾਂ ਨੂੰ ਭਰਮਾ ਕੇ, ਭਰਾਵਾਂ ਦੀ ਵੱਲੋਂ ਬੁਰਾ ਪਵਾ ਦਿੱਤਾ। 3 ਉਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੂ ਦੇ ਆਸਰੇ, ਨਿਡਰ ਉਪਦੇਸ਼ ਕਰਦੇ ਰਹੇ ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ। 4 ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁਝ ਯਹੂਦੀਆਂ ਦੀ ਵੱਲ ਅਤੇ ਕੁਝ ਰਸੂਲਾਂ ਦੀ ਵੱਲ ਹੋ ਗਏ। 5 ਜਦੋਂ ਪਰਾਈਆਂ ਕੌਮਾਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੀ ਬੇਇੱਜ਼ਤੀ ਅਤੇ ਪਥਰਾਉ ਕਰਨ ਨੂੰ ਹੱਲਾ ਕੀਤਾ। 6 ਤਾਂ ਉਹ ਇਸ ਗੱਲ ਜਾਣ ਕੇ, ਲੁਕਾਉਨਿਯਾ ਨਗਰ ਲੁਸਤ੍ਰਾ, ਦਰਬੇ ਅਤੇ ਉਨ੍ਹਾਂ ਦੇ ਨੇੜੇ ਦੇ ਇਲਾਕੇ ਵਿੱਚ ਭੱਜ ਗਏ। 7 ਤੇ ਉੱਥੇ ਖੁਸ਼ਖਬਰੀ ਸੁਣਾਉਂਦੇ ਰਹੇ।
ਲੁਸਤ੍ਰਾ ਅਤੇ ਦਰਬੇ ਵਿੱਚ
8 ਲੁਸਤ੍ਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਗੜਾ ਸੀ ਅਤੇ ਕਦੇ ਤੁਰਿਆ ਨਹੀਂ ਸੀ। 9 ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਵੇਖਿਆ ਕਿ ਇਹ ਦੇ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ। 10 ਤਾਂ ਉੱਚੀ ਅਵਾਜ਼ ਨਾਲ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ! ਤਦ ਉਹ ਉਸੇ ਵੇਲੇ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ। 11 ਜਦੋਂ ਉਹਨਾਂ ਲੋਕਾਂ ਨੇ ਵੇਖਿਆ, ਜੋ ਕੁਝ ਪੌਲੁਸ ਨੇ ਕੀਤਾ ਸੀ, ਤਦ ਉਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਦੇਵਤਾ ਮਨੁੱਖ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰਿਆ ਹੈ! 12 ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਮ ਜਿਓਸ ਅਤੇ ਪੌਲੁਸ ਦਾ ਨਾਮ ਹਰਮੇਸ ਰੱਖਿਆ, ਇਸ ਲਈ ਜੋ ਉਹ ਬਚਨ ਕਰਨ ਵਿੱਚ ਆਗੂ ਸੀ। 13 ਜਿਓਸ ਦਾ ਮੰਦਿਰ ਨਗਰ ਦੇ ਸਾਹਮਣੇ ਸੀ ਅਤੇ ਮੰਦਿਰ ਦਾ ਪੁਜਾਰੀ ਬਲ਼ਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕਾਂ ਕੋਲ ਆ ਕੇ, ਇਹ ਚਾਹੁੰਦਾ ਸੀ ਕਿ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ। 14 ਪਰ ਜਦੋਂ ਬਰਨਬਾਸ ਅਤੇ ਪੌਲੁਸ ਰਸੂਲਾਂ ਨੇ ਇਹ ਸੁਣਿਆ, ਤਾਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਦੇ ਵਿੱਚੋਂ ਬਾਹਰ ਨੂੰ ਦੌੜੇ। 15 ਅਤੇ ਇਹ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕੀ ਕਰਦੇ ਹੋ? ਅਸੀਂ ਵੀ ਤੁਹਾਡੇ ਵਾਂਗੂੰ ਦੁੱਖ-ਸੁੱਖ ਭੋਗਣ ਵਾਲੇ ਮਨੁੱਖ ਹਾਂ, ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਕਿ ਇਨ੍ਹਾਂ ਵਿਅਰਥ ਗੱਲਾਂ ਨੂੰ ਛੱਡ ਕੇ, ਜਿਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ। 16 ਉਸ ਨੇ ਪਹਿਲੇ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ। 17 ਤਾਂ ਵੀ ਉਹ ਨੇ ਆਪ ਨੂੰ ਬਿਨ੍ਹਾਂ ਗਵਾਹੀ ਨਾ ਰੱਖਿਆ, ਇਸ ਲਈ ਜੋ ਉਹ ਨੇ ਭਲਾ ਕੀਤਾ ਅਤੇ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਭਰਪੂਰ ਕੀਤਾ। 18 ਇਹ ਗੱਲਾਂ ਕਹਿ ਕੇ ਉਨ੍ਹਾਂ ਨੇ ਮੁਸ਼ਕਿਲ ਨਾਲ ਲੋਕਾਂ ਨੂੰ ਰੋਕਿਆ, ਕਿ ਉਨ੍ਹਾਂ ਦੇ ਲਈ ਬਲੀਦਾਨ ਨਾ ਕਰਨ।
19 ਪਰੰਤੂ ਕਈ ਯਹੂਦੀ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਉੱਥੇ ਆਏ, ਲੋਕਾਂ ਨੂੰ ਭਰਮਾ ਕੇ ਪੌਲੁਸ ਉੱਤੇ ਪਥਰਾਉ ਕੀਤਾ ਅਤੇ ਇਹ ਸਮਝ ਕੇ ਉਹ ਮਰ ਗਿਆ ਹੈ ਉਹ ਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ। 20 ਪਰ ਜਦੋਂ ਚੇਲੇ ਉਹ ਦੇ ਚਾਰੇ ਪਾਸੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ।
ਸੀਰੀਯਾ ਵਿੱਚ ਅੰਤਾਕਿਯਾ ਨੂੰ ਵਾਪਸ ਆਉਣਾ
21 ਅਤੇ ਜਦੋਂ ਉਸ ਨਗਰ ਵਿੱਚ ਖੁਸ਼ਖਬਰੀ ਸੁਣਾ ਚੁੱਕੇ, ਅਤੇ ਬਹੁਤ ਸਾਰਿਆਂ ਨੂੰ ਚੇਲੇ ਬਣਾਇਆ ਤਾਂ ਲੁਸਤ੍ਰਾ, ਇਕੁਨਿਯੁਮ ਅਤੇ ਅੰਤਾਕਿਯਾ ਨੂੰ ਮੁੜੇ। 22 ਅਤੇ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਤੇ ਇਹ ਉਪਦੇਸ਼ ਦਿੰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਕਿਹਾ ਕਿ ਅਸੀਂ ਬਹੁਤ ਮੁਸ਼ਕਲਾਂ ਨੂੰ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ। 23 ਜਦੋਂ ਉਨ੍ਹਾਂ ਨੇ ਹਰੇਕ ਕਲੀਸਿਯਾ ਵਿੱਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ, ਅਤੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ, ਜਿਸ ਦੇ ਉੱਤੇ ਉਹਨਾਂ ਵਿਸ਼ਵਾਸ ਕੀਤਾ ਸੀ। 24 ਤਾਂ ਉਹ ਪਿਸਿਦਿਯਾ ਵਿੱਚੋਂ ਦੀ ਲੰਘ ਕੇ ਪਮਫ਼ੁਲਿਯਾ ਵਿੱਚ ਆਏ। 25 ਅਤੇ ਪਰਗਾ ਵਿੱਚ ਬਚਨ ਸੁਣਾ ਕੇ ਅੱਤਲਿਯਾ ਨੂੰ ਆਏ। 26 ਉੱਥੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਯਾ ਨੂੰ ਚੱਲੇ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ, ਪਰਮੇਸ਼ੁਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ। 27 ਜਦੋਂ ਉਹ ਉੱਥੇ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੇ ਕਰ ਕੇ ਖ਼ਬਰ ਦਿੱਤੀ, ਪਰਮੇਸ਼ੁਰ ਨੇ ਸਾਡੇ ਨਾਲ ਹੋ ਕੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹਿਆ। 28 ਤਾਂ ਉਹ ਚੇਲਿਆਂ ਦੇ ਨਾਲ ਬਹੁਤ ਸਮੇਂ ਤੱਕ ਰਹੇ।